ਰਾਜੀਵ ਸ਼ਰਮਾ
ਅੰਮ੍ਰਿਤਸਰ: ਇਸ ਵੇਲੇ ਹਰ ਪਾਸੇ ਜਿੱਥੇ ਅਯੋਧਿਆ ਵਿਖੇ ਰਾਮ ਮੰਦਿਰ ਵਿਖੇ ਹੋਣ ਜਾ ਰਹੀ ਪ੍ਰਾਣ ਪ੍ਰਤਿਸ਼ਠਾ ਦੇ ਚਰਚੇ ਹਨ ਉਥੇ ਹੀ ਅੰਮ੍ਰਿਤਸਰ ਵਿਖੇ ਸਥਿਤ ਪਾਵਨ ਵਾਲਮੀਕ ਤੀਰਥ ਦਾ ਇਤਿਹਾਸ ਜਾਣਨਾ ਵੀ ਸੱਭ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਇਤਿਹਾਸਕ ਅਸਥਾਨ ਤੇ ਹੀ ਭਗਵਾਨ ਵਾਲਮੀਕ ਜੀ ਨੇ ਪਵਿੱਤਰ ਰਾਮਾਇਣ ਦੀ ਸੰਪੂਰਨਤਾ ਕੀਤੀ ਸੀ।
ਆਓ ਜਾਣਦੇ ਹਾਂ ਕਿ ਇਸ ਇਤਿਹਾਸਿਕ ਅਸਥਾਨ ਦਾ ਭਗਵਾਨ ਰਾਮ ਨਾਲ ਕੀ ਹੈ ਸਬੰਧ?
ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਦੇ ਚੇਅਰਮੈਨ ਕੁਮਾਰ ਦਰਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਥਾਂ ਤੇ ਮਾਤਾ ਸੀਤਾ ਨੇ ਬਨਵਾਸ ਦੌਰਾਨ ਕਈ ਸਾਲ ਬਤੀਤ ਕੀਤੇ ਅਤੇ ਇਥੇ ਹੀ ਲਵ ਅਤੇ ਕੁਛ ਦਾ ਜਨਮ ਹੋਇਆ। ਇਸ ਅਸਥਾਨ ਤੇ ਸਥਿਤ ਪ੍ਰਾਚੀਨ ਲਵ-ਕੁਛ ਮੰਦਿਰ ਦੇ ਨਾਲ ਇੱਕ ਇਤਿਹਾਸਿਕ ਬੌਲੀ ਵੀ ਹੈ ਜਿੱਥੇ ਮਾਤਾ ਸੀਤਾ ਜੀ ਇਸ਼ਨਾਨ ਕਰਦੇ ਸਨ ਅਤੇ ਉਥੇ ਹੀ ਲਵ ਅਤੇ ਕੁੱਛ ਦੇ ਵਸਤਰ ਧੋਇਆ ਕਰਦੇ ਸਨ। ਜਦੋਂ ਮਾਤਾ ਸੀਤਾ ਨੂੰ ਬਨਵਾਸ ਹੋਇਆ ਸੀ ਤਾਂ ਉਸ ਵੇਲੇ ਉਹ ਗਰਭ ਅਵਸਥਾ ਵਿੱਚ ਸਨ। ਹਿੰਦੂ ਗ੍ਰੰਥਾ ਮੁਤਾਬਿਕ ਜਦੋਂ ਭਗਵਾਨ ਰਾਮ, ਲਕਸ਼ਮਣ ਅਤੇ ਮਾਤਾ ਸੀਤਾ ਨੂੰ 14 ਸਾਲ ਦਾ ਬਨਵਾਸ ਹੋਇਆ ਸੀ ਉਜ਼ ਦੌਰਾਨ ਵੀ ਭਗਵਾਨ ਰਾਮ ਇਸ ਅਸਥਾਨ ਤੇ ਭਗਵਾਨ ਵਾਲਮੀਕ ਜੀ ਦੇ ਕੋਲ ਆਏ ਸਨ।
ਜੇਕਰ ਇਤਿਹਾਸ ਵੱਲ ਦੇਖੀਏ ਤਾਂ ਜਦੋਂ ਭਗਵਾਨ ਰਾਮ ਸੀਤਾ ਅਤੇ ਲਕਸ਼ਮਣ ਸਮੇਤ 14 ਸਾਲ ਦਾ ਬਨਵਾਸ ਪੁਰਾ ਕਰਕੇ ਅਯੋਧਿਆ ਵਾਪਿਸ ਗਏ ਸਨ ਤਾਂ ਉਸ ਵੇਲੇ ਮਾਤਾ ਸੀਤਾ ਤੇ ਇਹ ਇਲਜ਼ਾਮ ਲੱਗੇ ਸਨ ਕਿ ਉਹ ਇੱਕ ਪਰਾਏ ਮਰਦ(ਰਾਵਣ) ਕੋਲ ਲੰਬਾ ਸਮਾਂ ਰਹਿ ਕੇ ਆਏ ਹਨ ਜਿਸ ਕਰਕੇ ਉਨ੍ਹਾਂ ਦੇ ਚਰਿੱਤਰ ਤੇ ਸਵਾਲ ਖੜੇ ਕੀਤੇ ਗਏ ਜਿਸ ਤੋਂ ਬਾਅਦ ਮਾਤਾ ਸੀਤਾ ਤੇ ਅਗਨੀ ਪਰਿਕਸ਼ਾ ਦੇਣ ਦੀ ਗੱਲ ਕਹੀ ਅਤੇ ਉਸ ਵੇਲੇ ਹੀ ਮਾਤਾ ਸੀਤਾ ਵੱਲੋਂ ਬਨਵਾਸ ਕੀਤਾ ਗਿਆ, ਬਨਵਾਸ ਦੌਰਾਨ ਉਹ ਇਥੋਂ ਦੇ ਜੰਗਲਾਂ ਵਿੱਚ ਆਏ ਅਤੇ ਭਗਵਾਨ ਵਾਲਮੀਕ ਜੀ ਦੇ ਆਸ਼ਰਮ ਵਿੱਚ ਰਹਿਣ ਲੱਗੇ, ਇਥੇ ਹੀ ਭਗਵਾਨ ਰਾਮ ਦੇ ਦੋਹਾਂ ਪੁੱਤਰਾਂ ਲਵ ਅਤੇ ਕੁਛ ਨੇ ਭਗਵਾਨ ਵਾਲਮੀਕ ਜੀ ਕੋਲ਼ੋਂ ਸਿੱਖਿਆ ਗ੍ਰਹਿਣ ਕੀਤੀ, ਇਸੇ ਕਰਕੇ ਪ੍ਰਾਚੀਨ ਮੰਦਿਰ ਨੂੰ ਲਵ ਅਤੇ ਕੁਛ ਪਾਠਸ਼ਾਲਾ ਵਜੋਂ ਵੀ ਜਾਣਿਆ ਜਾਂਦਾ ਹੈ।
ਅੱਜ ਵੀ ਮਾਨਤਾ ਹੈ ਕਿ ਜਿਸ ਕਿਸੇ ਨੂੰ ਪੁੱਤਰ ਪ੍ਰਾਪਤੀ ਨਹੀਂ ਹੁੰਦੀ ਤਾਂ ਉਹ ਇਸ ਪਵਿੱਤਰ ਅਤੇ ਇਤਿਹਾਸਿਕ ਅਸਥਾਨ ਤੇ ਗੁੱਲੀ-ਡੰਡਾ ਚੜ੍ਹਾਉਂਦੇ ਹਨ ਜਿਸ ਮਗਰੋਂ ਉਨ੍ਹਾਂ ਦੀ ਪੁੱਤਰ ਪ੍ਰਾਪਤੀ ਦੀ ਇੱਛਾ ਪੂਰੀ ਹੁੰਦੀ ਹੈ। ਇਸ ਥਾਂ ਦਾ ਇੱਕ ਹੋਰ ਵੀ ਇਤਿਹਾਸ ਹੈ ਕਿ ਜਦੋਂ ਭਗਵਾਨ ਰਾਮ ਨੇ ਅਸ਼ਵਮੇਘ ਕਰਵਾਇਆ ਤਾਂ ਇੱਕ ਅਸ਼ਵਮੇਘ ਨਾਂ ਦੇ ਘੋੜੇ ਨੂੰ ਛੱਡਿਆ ਸੀ ਇਸ ਘੋੜੇ ਨੂੰ ਲਵ ਅਤੇ ਕੁੱਛ ਨੇ ਫੜ ਕੇ ਇਸੇ ਹੀ ਥਾਂ ਤੇ ਬੰਨ ਲਿਆ ਸੀ, ਜਿਸਦੀ ਜਾਣਕਾਰੀ ਮਿਲਣ ਮਗਰੋਂ ਭਗਵਾਨ ਰਾਮ ਦੇ ਛੋਟੇ ਭਰਾ ਲਕਸ਼ਮਣ ਇਥੇ ਆਏ ਸਨ। ਇਸ ਮੰਦਿਰ ਵਿੱਚ ਪੂਰੀ ਦੁਨੀਆਂ ਤੋਂ ਸੰਗਤ ਆ ਕੇ ਨਤਮਸਤਕ ਹੁੰਦੀ ਹੈ ਅਤੇ ਹਰ ਸਾਲ ਨਵੰਬਰ ਦੇ ਮਹੀਨੇ ਇੱਕ ਵਿਸ਼ਾਲ ਮੇਲੇ ਦਾ ਵੀ ਆਯੋਜਨ ਕੀਤਾ ਜਾਂਦਾ ਹੈ।
ਇਹ ਹੈ ਇਸ ਇਤਿਹਾਸਿਕ ਅਸਥਾਨ ਬਾਰੇ ਸੰਖੇਪ ਜਾਣਕਾਰੀ।