ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ ਹਨ
ਅੰਮ੍ਰਿਤਸਰ :– ਐਸ.ਜੀ.ਪੀ.ਸੀ. ਪ੍ਰਧਾਨ ਦੀ ਹੋਈ ਚੋਣ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਅੱਜ ਕੁੱਲ ਪਈਆਂ ਵੋਟਾਂ ਵਿਚੋ ਉਨ੍ਹਾਂ ਨੂੰ 107 ਵੋਟਾਂ ਮਿਲੀਆਂ, ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹਾਸਲ ਹੋਈਆਂ। ਇਸ ਚੋਣ ਵਿਚ 2 ਵੋਟਾਂ ਰੱਦ ਕੀਤੀਆਂ ਗਈਆਂ। ਇਸੇ ਤਰ੍ਹਾਂ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ ਹਨ। ਐਡਵੋਕੇਟ ਧਾਮੀ ਵਲੋਂ ਕੁਲਵੰਤ ਸਿੰਘ ਮੰਨਣ ਜਲੰਧਰ ਨੂੰ ਇਕ ਸਾਲ ਲਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਵੱਡੇ ਦਾਅਵਿਆਂ ਦੇ ਬਾਵਜੂਦ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਦਾ ਆਂਕੜਾ 2022 ਤੋਂ ਵੀ ਘਟ ਗਿਆ। 2022 ਵਿੱਚ ਵੀ ਐਡਵੋਕੇਟ ਧਾਮੀ ਖ਼ਿਲਾਫ਼ ਲੜੀ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪਈਆਂ ਸਨ ਜੋ ਕਿ ਇਸ ਵਾਰ ਘਟ ਕੇ 33 ਰਹਿ ਗਈਆਂ। ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਕਈ ‘ਦਿੱਗਜ’ ਕਹੇ ਜਾਂਦੇ ਅਕਾਲੀ ਨੇਤਾਵਾਂ ਅਤੇ ਪੂਰੀ ਅਕਾਲੀ ਦਲ ਸੁਧਾਰ ਲਹਿਰ ਦਾ ਸਮਰਥਨ ਪ੍ਰਾਪਤ ਸੀ। ਯਾਦ ਰਹੇ ਕਿ 2022 ਵਿੱਚ ਐਡਵੋਕੇਟ ਧਾਮੀ ਨੂੰ 104 ਵੋਟਾਂ ਪਈਆਂ ਸਨ ਜੋ ਇਸ ਵਾਰ ਵਧ ਕੇ 107 ਹੋ ਗਈਆਂ।