December 24, 2024 1:01 am

ਝੋਨੇ ਦੀ ਖਰੀਦ ਨਾ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੜਕੀ ਆਵਾਜਾਈ ਠੱਪ ਕਿਤੀ* 

ਮਹਿਤਪੁਰ 13 ਅਕਤੂਬਰ,( ਅਸ਼ੋਕ ਚੌਹਾਨ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵਲੋਂ ਝੋਨੇ ਦੀ ਖਰੀਦ ਨੂੰ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਮਹਿਤਪੁਰ ਜਗਰਾਵਾਂ ਮੁੱਖ ਮਾਰਗ ਤੇ ਤਿੰਨ ਘੰਟੇ ਟੂਲ ਪਲਾਜਾ ਸੰਗੋਵਾਲ ਜਾਮ ਕਰਕੇ ਮੁਕੰਮਲ ਚੱਕਾ ਜਾਮ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੁਲ ਰਹੀ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਫਸਲ ਦੇ ਅੰਬਾਰ ਲੱਗ ਰਹੇ ਹਨ। ਕੱਲ ਵੀ ਇਸੇ ਜਗ੍ਹਾ ਤੇ ਕੀਤੇ ਗਏ ਕਿਸਾਨਾਂ ਵੱਲੋਂ ਪ੍ਰਦਰਸ਼ਨ ਮੌਕੇ ਅਧਿਕਾਰੀ ਝੋਨੇ ਦੀ ਬੋਲੀ ਦਾ ਵਿਸ਼ਵਾਸ ਦਬਾ ਗਏ ਪਰ ਅਜੇ ਤੱਕ ਝੋਨੇ ਦੀ ਲਿਫਟਿੰਗ ਦਾ ਮਾਮਲਾ ਮਹਿਤਪੁਰ ਨਾਲ ਜੁੜੀਆਂ ਦਾਣਾ ਮੰਡੀਆਂ ਉਸੇ ਤਰ੍ਹਾਂ ਲਟਕਿਆ ਹੋਇਆ ਹੈ। ਜਿਸ ਕਾਰਨ ਕਿਸਾਨਾਂ ਅਤੇ ਮੰਡੀ ਦੇ ਮਜ਼ਦੂਰਾਂ ਵਿੱਚ ਬੇਚੈਨੀ ਵੱਧ ਰਹੀ । ਮੰਡੀ ਸਿਸਟਮ ਦੇ ਚਾਰੇ ਪਿੱਲਰ ਭਾਵ ਕਿਸਾਨ, ਮਜ਼ਦੂਰ, ਆੜਤੀ ਅਤੇ ਸ਼ੈਲਰ ਮਾਲਕ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਪ੍ਰੇਸ਼ਾਨ ਹਨ ਪਰ ਇਨ੍ਹਾਂ ਨੀਤੀਆਂ ਦੀ ਸੱਭ ਤੋਂ ਵੱਧ ਮਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਝੱਲਣੀ ਪੈ ਰਹੀ ਹੈ। ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਚਾਰੇ ਵਰਗਾ ਨੂੰ ਆਪਸ ਵਿੱਚ ਉਲਝਾ ਕੇ ਲੜਾ ਦਿੱਤਾ ਜਾਵੇ ਤਾਂ ਜੋ ਸਰਕਾਰਾਂ ਦੀ ਨਲਾਇਕੀ ਅਤੇ ਚਲਾਕੀ ਦਾ ਕਿਸੇ ਨੂੰ ਪਤਾ ਨਾ ਚੱਲੇ। ਖੇਤੀ ਖੇਤਰ ਲਗਾਤਾਰ ਕਾਰਪੋਰੇਟ ਪੱਖੀ ਨੀਤੀਆਂ ਦੇ ਹਮਲੇ ਹੇਠ ਹੈ। ਕਾਰਪੋਰੇਟ ਅਨਾਜ ਦੇ ਵਪਾਰ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਅੱਖ ਰੱਖੀ ਬੈਠਾ ਹੈ। ਇਸ ਲਈ ਮੰਡੀਕਰਨ ਦਾ ਮੌਜੂਦਾ ਢਾਂਚਾ ਅਤੇ ਇਸ ਢਾਂਚੇ ਨਾਲ ਜੁੜੀ ਖੇਤੀ ਸਨਅਤ ਕਾਰਪੋਰੇਟ ਦੇ ਨਿਸ਼ਾਨੇ ਤੇ ਹੈ।ਇਸ ਦੀ ਤਬਾਹੀ ਉਸ ਦੀ ਸਫਲਤਾ ਲਈ ਜ਼ਰੂਰੀ ਹੈ। ਕੇਂਦਰ ਦੀ ਭਾਜਪਾ ਸਰਕਾਰ ਤਾਂ ਦਿੱਲੀ ਮੋਰਚੇ ਦੀ ਜਿੱਤ ਮਗਰੋਂ ਉਂਝ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਬੀਤੇ ਸਾਲ ਦੀ ਚੋਲ(130 ਲੱਖ ਮੀਟ੍ਰਿਕ ਟਨ)ਅਤੇ ਕਣਕ(50 ਲੱਖ ਮੀਟ੍ਰਿਕ ਟਨ) ਦੀ ਫ਼ਸਲ ਹਾਲੇ ਗੋਦਾਮਾਂ ਅਤੇ ਸ਼ੈਲਰਾਂ ਵਿਚੋਂ ਚੱਕ ਕੇ ਥਾਂ ਖਾਲੀ ਨਹੀ ਕੀਤੀ ਗਈ। ਮੌਜੂਦਾ ਝੋਨੇ ਦੀ ਫ਼ਸਲ ਲਈ ਜ਼ਰੂਰੀ ਸੀ ਕਿ ਲਿਫਟਿੰਗ ਦਾ ਮਸਲਾ 31 ਮਾਰਚ ਜਾ ਵੱਧ ਤੋਂ ਵੱਧ 31 ਮਈ ਤੱਕ ਹੱਲ ਕੀਤਾ ਜਾਂਦਾ ਪਰ ਇਹ ਹਾਲੇ ਤੱਕ ਹੱਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਬਾਰਦਾਨੇ ਦੇ ਪ੍ਰਬੰਧ ਦਾ ਮਾਮਲਾ ਵੀ ਹੈ। ਪੰਜਾਬ ਸਰਕਾਰ ਕੋਲ ਬਾਰਦਾਨੇ ਦੀ ਥੁੜ ਹੈ।ਪੰਜਾਬ ਸਰਕਾਰ ਉਪਰੋਕਤ ਦੋਵੇਂ ਮਾਮਲਿਆਂ ਵਿੱਚ ਹਾਲੇ ਤਕ ਫੇਲ ਸਾਬਤ ਹੋਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਪੰਜਾਬ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਕਰਦਿਆਂ ਪੁਰਾਣੇ ਖ੍ਰੀਦੇ ਹੋਏ ਮਾਲ ਨੂੰ ਜਾਣ ਬੁੱਝ ਕੇ ਚੁੱਕਣ ਵਿੱਚ ਦੇਰੀ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ,ਮੰਡੀ ਸਿਸਟਮ ਅਤੇ ਖੇਤੀ ਸਨਅਤ ਨੂੰ ਤਬਾਹ ਕੀਤਾ ਜਾ ਸਕੇ। ਸ਼ੈਲਰ ਮਾਲਕ ਪਿਛਲੇ ਮਾਲ ਦੀ ਚੁਕਾਈ ਨਾ ਹੋਣ ਕਾਰਨ ਘਾਟੇ ਵਿੱਚ ਹਨ। ਹੁਣ ਉਹ ਆਪਣੇ ਸਿਰ ਤੇ ਨਵਾਂ ਬੋਝ ਪਾਉਣ ਲਈ ਤਿਆਰ ਨਹੀਂ। ਉਨ੍ਹਾਂ ਦਾ ਸਿੱਧਾ ਜਿਹਾ ਤਰਕ ਹੈ ਕਿ ਇਸ ਨਾਲ ਸ਼ੈਲਰ ਸਨਅਤ ਤਬਾਹ ਹੋ ਜਾਵੇਗੀ। ਵਰਣਨਯੋਗ ਹੈ ਕਿ ਪੰਜਾਬ ਵਿੱਚ ਮੌਜੂਦਾ ਸਮੇਂ 5600 ਦੇ ਲਗਭਗ ਸ਼ੈਲਰ ਹਨ ਜੋ ਕਿ ਖੇਤੀ ਖੇਤਰ ਲਈ ਅਹਿਮ ਕੜੀ ਹੋਣ ਦੇ ਨਾਲ ਨਾਲ ਰੁਜ਼ਗਾਰ ਮੁੱਹਈਆ ਕਰਵਾਉਣ ਦਾ ਸਾਧਨ ਵੀ ਹਨ । ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਐਮ ਐਸ ਪੀ ਤੇ ਖ੍ਰੀਦ ਸ਼ੁਰੂ ਕਰਵਾਈ ਜਾਵੇ ਅਤੇ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਵੇ ਕਿ ਲਿਫਟਿੰਗ ਦੇ ਕੰਮ ਨੂੰ ਤਰਜੀਹ ਦੇ ਅਧਾਰ ਤੇ ਤੇਜ਼ੀ ਨਾਲ ਮੁੰਕਮਲ ਕੀਤਾ ਜਾਵੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਮੰਡ, ਮੱਖਣ ਸਿੰਘ ਕੰਦੋਲਾ,ਕੁਲ ਹਿੰਦ ਕਿਸਾਨ ਸਭਾ ਦਿਲਬਾਗ  ਚੰਦੀ,ਸੋਨੂੰ ਅਰੋੜਾ,ਭਾਰਤੀ ਕਿਸਾਨ ਕਾਦੀਆਂ ਸਿਮਰਨ ਪਾਲ ਸਿੰਘ ਪੰਨੂ, ਭਾਰਤੀ ਕਿਸਾਨ ਯੂਨੀਅਨ ਪੰਜਾਬ ਲਖਵੀਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਮੰਡਿਆਲਾ, ਇਸਤਰੀ ਜਾਗ੍ਰਿਤੀ ਮੰਚ ਅਨੀਤਾ ਸੰਧੂ, ਕਿਸਾਨ ਆਗੂ ਬੀਬੀ ਸੁਰਜੀਤ ਕੌਰ ਮਾਨ,ਰਤਨ ਸਿੰਘ ਬਚਨ ਸਿੰਘ ਸਰਪੰਚ ,ਸਰਦੂਲ ਸਿੰਘ ਸਤਨਾਮ ਸਿੰਘ ਆਦਿ ਨੇ ਸੰਬੋਧਨ ਕੀਤਾ।
Up Skill Ninja