December 24, 2024 12:33 am

ਜਲੰਧਰ ਦਿਹਾਤੀ ਪੁਲਸ ਨੇ ਡਿਊਟੀ ਵਿੱਚ ਕੁਤਾਹੀ ਵਰਤਣ ਲਈ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਪੰਜ ਅਧਿਕਾਰੀਆਂ ਨੂੰ ਕੀਤਾ ਮੁਅੱਤਲ

ਜਲੰਧਰ :-  ਜਲੰਧਰ ਦਿਹਾਤੀ ਪੁਲਸ ਨੇ ਡਿਊਟੀ ਵਿੱਚ ਕੁਤਾਹੀ ਵਰਤਣ ਲਈ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਪੁਲਸ ਦੀ ਅਣਗਹਿਲੀ ਅਤੇ ਲਾਪਰਵਾਹੀ, ਖ਼ਾਸ ਤੌਰ ‘ਤੇ ਅਲਾਵਲਪੁਰ ਚੌਂਕੀ ਦੇ ਅਧਿਕਾਰ ਖੇਤਰ ਦੇ ਅੰਦਰ ਵਾਰ-ਵਾਰ ਜਨਤਕ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ, ਜੋਕਿ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਸਨ, ਉਨ੍ਹਾਂ ਦੀ ਪਛਾਣ ਏ. ਐੱਸ. ਆਈ. ਅਵਤਾਰ ਸਿੰਘ, ਕਾਂਸਟੇਬਲ ਬਿਕਰਮਜੀਤ ਸਿੰਘ, ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ, ਕਾਂਸਟੇਬਲ ਆਰੀਅਨਪ੍ਰੀਤ ਸਿੰਘ ਅਤੇ ਏ. ਐੱਸ. ਆਈ/ਐਲਆਰ ਜਸਵਿੰਦਰ ਸਿੰਘ ਵਜੋਂ ਹੋਈ ਹੈ।ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਸ ਕਪਤਾਨ  ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਵਿਭਾਗ ਨੇ ਇਨ੍ਹਾਂ ਅਧਿਕਾਰੀਆਂ ਵਿਰੁੱਧ ਆਪਣੀ ਡਿਊਟੀ ਨਿਭਾਉਣ ਵਿੱਚ ਅਸਫ਼ਲ ਰਹਿਣ ਲਈ ਸਖ਼ਤ ਕਾਰਵਾਈ ਕੀਤੀ ਹੈ, ਜਿਸ ਕਾਰਨ ਕਈ ਜਨਤਕ ਸ਼ਿਕਾਇਤਾਂ ਆਈਆਂ ਅਤੇ ਲੋਕਾਂ ਵਿੱਚ ਬੇਚੈਨੀ ਪੈਦਾ ਹੋਈ ਹੈ। ਪੁਲਸ ਵੱਲੋਂ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਅਲਾਵਲਪੁਰ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ਕੁਮਾਰ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ ਇਕ ਨਾਜ਼ੁਕ ਮਾਮਲੇ ਨੂੰ ਲੈ ਕੇ ਜਾਂਚ ਦੇ ਘੇਰੇ ਵਿੱਚ ਆਏ ਸਨ। ਲੋਕਾਂ ਦੁਆਰਾ ਉਸ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਲਈ ਉਸ ਵਿਰੁੱਧ ਵਾਰ-ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਅਧਿਕਾਰੀ ਨੇ ਜਾਂਚ ਦੌਰਾਨ ਸਹੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ, ਜਿਸ ਕਾਰਨ ਨਿਆਂ ਦਿਵਾਉਣ ਵਿੱਚ ਕਾਫ਼ੀ ਦੇਰੀ ਹੋਈ ਸੀ। ਪੈਂਡਿੰਗ ਕੇਸਾਂ ਵੱਲ ਉਸਦੀ ਧਿਆਨ ਦੀ ਘਾਟ ਅਤੇ ਕੇਸ ਦੇ ਮਾੜੇ ਪ੍ਰਬੰਧਨ ਨੇ ਖੇਤਰ ਵਿੱਚ ਵੱਧ ਰਹੀ ਨਿਰਾਸ਼ਾ ਵਿੱਚ ਯੋਗਦਾਨ ਪਾਇਆ ਹੈ ਜੋ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਥਾਣਾ ਲੋਹੀਆਂ ਵਿਖੇ ਤਾਇਨਾਤ ਏ. ਐੱਸ. ਆਈ. ਅਵਤਾਰ ਸਿੰਘ ਨੂੰ ਪਿੰਡ ਪਿੱਪਲੀ ਵਿਖੇ ਜ਼ਮੀਨੀ ਵਿਵਾਦ ਨੂੰ ਧਿਆਨ ਨਾਲ ਨਾ ਹੱਲ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ, ਜਿਸ ਕਾਰਨ ਅਮਨ ਕਾਨੂੰਨ ਦੀ ਵੱਡੀ ਸਥਿਤੀ ਪੈਦਾ ਹੋ ਸਕਦੀ ਸੀ। ਉਸ ਨੇ ਕਤਲ ਦੀ ਕੋਸ਼ਿਸ਼ ਦੇ ਕੇਸ ਨੂੰ ਵੀ ਗਲਤ ਤਰੀਕੇ ਨਾਲ ਨਜਿੱਠਿਆ ਅਤੇ ਉਹ ਡੀ. ਐੱਸ. ਪੀ. ਸ਼ਾਹਕੋਟ ਜਾਂਚ ਵਿੱਚ ਦੋਸ਼ੀ ਪਾਇਆ ਗਿਆ। ਸੰਭਾਵੀ ਖ਼ਤਰੇ ਤੋਂ ਜਾਣੂੰ ਹੋਣ ਦੇ ਬਾਵਜੂਦ, ਉਸ ਨੇ ਮਾਮਲੇ ਨੂੰ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਅਤੇ ਨਾ ਹੀ ਕੋਈ ਰੋਕਥਾਮ ਕਾਰਵਾਈ ਕੀਤੀ ਸੀ।
ਥਾਣਾ ਭੋਗਪੁਰ ਵਿਖੇ ਤਾਇਨਾਤ ਏ. ਐੱਸ. ਆਈ. ਜਸਵਿੰਦਰ ਸਿੰਘ ਨੂੰ ਇਕ ਝਗੜੇ ਦੇ ਮਾਮਲੇ ਨੂੰ ਮਾੜਾ ਢੰਗ ਨਾਲ ਨਜਿੱਠਣ ਕਾਰਨ ਮੁਅੱਤਲ ਕੀਤਾ ਗਿਆ ਹੈ, ਜੋਕਿ ਵੱਡੇ ਟਕਰਾਅ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਰੱਖਦਾ ਸੀ। ਅਧਿਕਾਰੀ ਨੇ ਵਿਰੋਧੀ ਧਿਰ ‘ਤੇ ਬੇਲੋੜਾ ਦਬਾਅ ਪਾਇਆ, ਜਿਸ ਕਾਰਨ ਹੋਰ ਉਲਝਣਾਂ ਪੈਦਾ ਹੋ ਗਈਆਂ। ਡੀ. ਐੱਸ. ਪੀ. ਆਦਮਪੁਰ ਦੀ ਜਾਂਚ ਵਿੱਚ ਉਸ ਨੂੰ ਮਾਮਲੇ ਵਿੱਚ ਗੜਬੜ ਕਰਨ ਲਈ ਦੋਸ਼ੀ ਪਾਇਆ ਗਿਆ ਹੈ। ਕਾਂਸਟੇਬਲ ਬਿਕਰਮਜੀਤ ਸਿੰਘ, ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ ਅਤੇ ਕਾਂਸਟੇਬਲ ਆਰੀਅਨਪ੍ਰੀਤ ਸਿੰਘ ਨੂੰ ਲੰਬੇ ਸਮੇਂ ਲਈ ਵਾਰ-ਵਾਰ ਅਣਅਧਿਕਾਰਤ ਗੈਰਹਾਜ਼ਰ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਕਾਂਸਟੇਬਲ ਆਰੀਅਨਪ੍ਰੀਤ ਸਿੰਘ ਦੀ ਵੀ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਨਾਲ ਮਿਲੀਭੁਗਤ ਸਾਹਮਣੇ ਆਈ ਹੈ। ਐੱਸ. ਐੱਸ. ਪੀ. ਖੱਖ ਨੇ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਅਜਿਹੀ ਅਣਗਹਿਲੀ ਦੁਬਾਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। “ਅਸੀਂ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਅਤੇ ਜੇਕਰ ਕੋਈ ਵੀ ਅਧਿਕਾਰੀ ਆਪਣੀ ਡਿਊਟੀ ਵਿਚ ਕੁਤਾਹੀ ਪਾਇਆ ਗਿਆ ਤਾਂ ਉਸ ਨੂੰ ਸਖ਼ਤ ਨਤੀਜੇ ਭੁਗਤਣੇ ਪੈਣਗੇ।” ਅੱਗੇ ਜਾਂਚ ਜਾਰੀ ਹੈ, ਅਤੇ ਫੋਰਸ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਹੋਰ ਕਾਰਵਾਈਆਂ ਕੀਤੀਆਂ ਜਾਣਗੀਆਂ।

 

Up Skill Ninja