December 24, 2024 12:16 am

ਭਗਵੰਤ ਮਾਨ ਹਰ ਫੈਸਲੇ ਤੋਂ ਲੈ ਜਾਂਦੇ ਨੇ ਯੂ-ਟਰਨ/ਇੱਕ ਵਾਰੀ ਤਾਂ ਪੰਜਾਬ ‘ਚ B.M.W.ਗੱਡੀ ਦੀ ਫੈਕਟਰੀ ਲਾਉਣ ਸਬੰਧੀ ਸਮਝੌਤੇ ਦਾ ਐਲਾਨ ਕਰ ‘ਤਾ ਸੀ :- ਤਰਸੇਮ ਸਿੰਘ ਬਸਰਾਉਂ

ਕਿਹਾ, ਬੱਚਿਆਂ ਨੂੰ ਵਜ਼ੀਫੇ ਨਹੀਂ ਮਿਲ ਰਹੇ/ਬਸਪਾ ਤੋਂ ਬਿਨਾਂ ਲੋਕਾਂ ਦਾ ਛੁਟਕਾਰਾ ਨਹੀਂ

ਰਾਏਕੋਟ/ਲੁਧਿਆਣਾ(ਨਿਰਮਲ ਦੋਸਤ) ਰਾਏਕੋਟ ਵਿਧਾਨ ਸਭਾ ਹਲਕੇ ਦੇ ਸੀਨੀਅਰ ਬਸਪਾ ਆਗੂ, ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸਕੱਤਰ ਤਰਸੇਮ ਸਿੰਘ ਬਸਰਾਉਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਬਹੁਜਨ ਸਮਾਜ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇ ਕੇ ਬਸਪਾ ਦੇ ਉਮੀਦਵਾਰ ਕੁਲਵੰਤ ਸਿੰਘ ਮਹਿਤੋ ਨੂੰ ਜਿਤਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਨਤੀਜੇ ਵਜੋਂ ਵਧੀਆ ਸਹਿਯੋਗ ਵੀ ਮਿਲ ਰਿਹਾ ਹੈ। ਬਸਪਾ ਆਗੂ ਨੇ ਕਿਹਾ ਕਿ ਬਸਪਾ ਦੇ ਉਮੀਦਵਾਰਾਂ ਦਾ ਪੰਜਾਬ ਅੰਦਰ ਮੁਕਾਬਲਾ ਸਰਮਾਏਦਾਰ ਉਮੀਦਵਾਰਾਂ ਨਾਲ ਹੈ। ਤਰਸੇਮ ਸਿੰਘ ਬਸਰਾਉਂ ਨੇ ਬੜ੍ਹੀ ਦ੍ਰਿੜਤਾ ਨਾਲ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਿਆਨ ਤੋਂ ਬਹੁਤ ਹੀ ਜਲਦੀ ਯੂ-ਟਰਨ ਲੈ ਜਾਂਦੇ ਹਨ। ਇਸ ਲਈ ਪੰਜਾਬ ਦੇ ਲੋਕਾਂ ਨੂੰ ਇਸ ਸਰਕਾਰ ਤੋਂ ਭਵਿੱਖ ‘ਚ ਕਿਸੇ ਵੀ ਭਰੋਸੇ ਦੀ ਆਸ ਬਿਲਕੁਲ ਹੀ ਨਹੀਂ ਰਹੀ ਕਿ ਪੂਰਾ ਹੋ ਜਾਵੇਗਾ।ਬਸਪਾ ਦੇ ਇਸ ਟਕਸਾਲੀ ਆਗੂ ਨੇ ਦੱਸਿਆ ਕਿ ਇੱਕ ਵਾਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਆਨ ਦੇ ਦਿੱਤਾ ਸੀ ਕਿ ਬੀ.ਐਮ.ਡਬਲਿਊ.( B.M.W.) ਗੱਡੀ ਦੀ ਫੈਕਟਰੀ ਪੰਜਾਬ ‘ਚ ਲੱਗਣ ਬਾਰੇ ਕੰਪਨੀ ਨਾਲ ਸਮਝੌਤਾ/ਗੱਲਬਾਤ ਹੋ ਗਿਆ ਹੈ, ਪਰ ਕੰਪਨੀ ਨੇ ਇਸ ਸਮਝੌਤੇ ਬਾਰੇ ਆਖ ਦਿੱਤਾ ਕਿ ਇਸ ਕੰਪਨੀ ਦੀ ਫੈਕਟਰੀ ਪੰਜਾਬ ਅੰਦਰ ਲੱਗਣ ਬਾਰੇ ਕੋਈ ਗੱਲ ਹੀ ਨਹੀਂ ਹੋਈ। ਇਸ ਕਾਰਨ ਪੰਜਾਬ ਸਰਕਾਰ ਦੀ ਬਹੁਤ ਕਿਰਕਿਰੀ ਹੋਈ ਸੀ।
ਤਰਸੇਮ ਸਿੰਘ ਬਸਰਾਉਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਸਰਕਾਰ ਨੇ ਅਜੇ ਤੱਕ ਨਹੀਂ ਦਿੱਤੇ, ਜਦ ਕਿ ਵਿਦਿਆਰਥੀ ਆਪਣੇ ਪੇਪਰ ਵੀ ਦੇ ਚੁੱਕੇ ਹਨ।ਜਿਸ ਦਿਨ ਗਰੀਬ ਸਮਾਜ ਦੇ ਲੋਕ, ਵੱਡੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਚੱਲ ਰਹੀਆਂ ਇਨ੍ਹਾਂ ਸਰਮਾਏਦਾਰ ਪਾਰਟੀਆਂ ਦੀਆਂ ਗਰੀਬ ਮਾਰੂ ਨੀਤੀਆਂ/ਗਰੀਬ ਵਰਗ ਵਿਰੋਧੀ ਸੋਚ/ਲੂੰਬੜ-ਚਾਲਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਗਏ ਤਾਂ, ਗਰੀਬ ਵਰਗ ਦੇ ਲੋਕ ਮੁੜ ਕੇ ਇਨ੍ਹਾਂ ਦੀਆਂ ਗੱਲਾਂ ‘ਚ ਆਉਣ ਤੋਂ ਪੂਰੀ ਤਰ੍ਹਾਂ ਹੱਟ ਜਾਣਗੇ। ਬਸਪਾ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਵਾਲੇ ਦਿਨ ਬਸਪਾ ਨੂੰ ਪੰਜਾਬ ‘ਚ ਤਕੜਾ ਕਰਨ ਲਈ ਹਾਥੀ ਦਾ ਬਟਨ ਦਬਾ ਕੇ ਵੱਡੀ ਗਿਣਤੀ ‘ਚ ਵੋਟਾਂ ਪਾਉਣ।

Up Skill Ninja