ਪੜ੍ਹੇ-ਲਿਖੇ,ਇਮਾਨਦਾਰ,ਮਿਹਨਤੀ,ਰਾਜਸੀ ਪਿਛੋਕੜ ਤੇ ਲੀਡਰਾਂ ਵਾਲੇ ਨੇ ਸਾਰੇ ਗੁਣ
ਰਾਏਕੋਟ (ਨਿਰਮਲ ਦੋਸਤ) ਕਿਸੇ ਵੀ ਚੋਣ ਮੌਕੇ ਚੋਣ ਲੜਨ ਲਈ ਪਾਰਟੀ ਦੀ ਤਰਫ਼ੋਂ ਟਿਕਟ ਮੰਗਣੀ ਹਰ ਆਗੂ ਦਾ ਹੱਕ ਹੁੰਦਾ ਹੈ ਤੇ ਹਰ ਆਗੂ ਟਿਕਟ ਪ੍ਰਾਪਤੀ ਲਈ ਹਰ ਹਰਬਾ ਵੀ ਵਰਤਦਾ ਹੈ।ਪਰ ਅੰਤਿਮ ਫੈਸਲਾ ਪਾਰਟੀ ਨੇ ਕਰਨਾ ਹੁੰਦਾ ਹੈ । ਪੰਜਾਬ ਦੇ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜਨ ਵਾਸਤੇ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਕਈ ਆਗੂ ਤਰਲੋ-ਮੱਛੀ ਹੋ ਰਹੇ ਹਨ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਭਾਜਪਾ ਦੀ ਟਿਕਟ ਹਾਸਲ ਕਰਨ ਦੇ ਸਬੰਧ ‘ਚ ਇਸ ਵਕਤ ਅਮਨਪ੍ਰੀਤ ਕੌਰ ਰਾਏ ਦਾ ਨਾਂਅ ਸਭ ਤੋਂ ਉੱਪਰ ਚੱਲ ਰਿਹਾ ਹੈ,ਉਹ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ ਕਿਉਂਕਿ ਅਮਨਪ੍ਰੀਤ ਕੌਰ ਰਾਏ ‘ਚ ਮਜ਼ਬੂਤ ਦਾਅਵੇਦਾਰ,ਬੇਦਾਗ, ਇਮਾਨਦਾਰ,ਪੜ੍ਹੇ-ਲਿਖੇ ਹੋਣ ਦੇ ਨਾਲ-ਨਾਲ ਰਾਜਨੀਤਕ ਲੀਡਰਾਂ ਵਾਲੇ ਸਾਰੇ ਗੁਣ ਮੌਜੂਦ ਹਨ। ਉਨ੍ਹਾਂ ਦਾ ਰਾਜਨੀਤਕ ਪਿਛੋਕੜ ਹੈ,ਉਹਨਾਂ ਦੇ ਪਿਤਾ ਸਮਸ਼ੇਰ ਸਿੰਘ ਰਾਏ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।ਜਿਸ ਕਰਕੇ ਮੰਨਿਆਂ ਜਾ ਰਿਹਾ ਹੈ ਕਿ ਇਸ ਪ੍ਰੀਵਾਰ ਦਾ ਲੋਕਾਂ ‘ਚ ਚੰਗਾ/ਵੱਡਾ ਅਸਰ ਰਸੂਖ ਹੈ।ਅਮਨਪ੍ਰੀਤ ਕੌਰ ਰਾਏ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ/ਪ੍ਰਾਪਤੀਆਂ ਨੂੰ ਲੋਕਾਂ ਦੀ ਕਚਿਹਰੀ ‘ਚ ਪ੍ਰਚਾਰਦੇ ਰਹੇ ਹਨ। ਇਸ ਤੋਂ ਇਲਾਵਾ ਉਹ ਇਸ ਲੋਕ ਸਭਾ ਹਲਕੇ ‘ਚ ਸਮੇ-ਸਮੇ ਸਿਰ ਲੋਕਾਂ ਦੇ ਦੁੱਖ-ਸੁੱਖ ‘ਚ ਸ਼ਾਮਲ ਹੁੰਦੇ ਰਹੇ ਹਨ ਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਦੇ ਰਹੇ ਹਨ।ਪਤਾ ਲੱਗਾ ਹੈ ਕਿ ਭਾਜਪਾ ਦੀ ਇਹ ਕੋਸ਼ਿਸ਼ ਵੀ ਹੈ ਕਿ ਚੋਣਾਂ ‘ਚ ਮਹਿਲਾ ਵਰਗ ਨੂੰ 33% ਸੀਟਾਂ ਦਿਤੀਆਂ ਜਾਣ।ਪੰਜਾਬ ਦੀਆਂ 13ਲੋਕ ਸਭਾ ਸੀਟਾਂ(ਚੰਡੀਗੜ੍ਹ ਸਮੇਤ 14ਸੀਟਾ) ‘ਚੋਂ ਭਾਜਪਾ 3ਸੀਟਾਂ ਔਰਤਾਂ ਨੂੰ ਦੇ ਚੁੱਕੀ ਹੈ।ਜੇਕਰ ਭਾਜਪਾ ਇਸ ਹਲਕੇ ਤੋਂ ਕਿਸੇ ਮਹਿਲਾ ਨੂੰ ਟਿਕਟ ਦੇ ਕੇ ਆਪਣਾ ਮਹਿਲਾ ਰਾਖਵਾਂਕਰਨ ਵਾਲਾ ਵਾਅਦਾ ਪੂਰਾ ਕਰਨਾ ਚਾਹੁੰਦੀ ਹੋਈ ਤਾਂ ਅਮਨਪ੍ਰੀਤ ਕੌਰ ਰਾਏ ਦਾ ਹੋਰ ਵੀ ਮਜ਼ਬੂਤ ਉਮੀਦਵਾਰ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,ਕਿਉਂ ਕਿ ਸਿਆਸਤ ਸੰਭਾਵਨਾਵਾਂ ਦੀ ਗੇਮ ਹੈ।ਰਾਜਸੀ ਪੰਡਤ ਤੇ ਭਰੋਸੇਯੋਗ ਸੂਤਰ ਤਾਂ ਇੱਥੋਂ ਤੱਕ ਆਖਦੇ ਪਏ ਨੇ ਕਿ ਸਾਰੀਆਂ ਯੋਗਤਾਵਾਂ ਨੂੰ ਦੇਖਦੇ ਹੋਏ ਅਮਨਪ੍ਰੀਤ ਕੌਰ ਰਾਏ ਦਾ ਨਾਂਅ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਫਾਈਨਲ ਹੋ ਚੁੱਕਾ ਹੈ ਤੇ ਰਸਮੀ ਐਲਾਨ ਹੀ ਬਾਕੀ ਹੈ,ਜੋ ਕਿਸੇ ਸਮੇਂ ਵੀ ਹੋ ਸਕਦਾ ਹੈ। ਬਾਕੀ, ਕੀ ਹੋਣਾ?ਕਦੋਂ ਹੋਣਾ ?ਇਹ ਭਵਿੱਖ ਦੀ ਬੁੱਕਲ ‘ਚ ਹੈ।