ਅੰਤਰ-ਰਾਸ਼ਟਰੀ ਕਬੱਡੀ ਖਿਡਾਰੀਆਂ ਦੀ ਖੇਡ ਦੇਖਣ ਦੂਰੋਂ-ਦੂਰੋਂ ਪੁੱਜੇ ਹਜਾਰਾਂ ਦੀ ਗਿਣਤੀ ਵਿੱਚ ਦਰਸ਼ਕ
ਨਿਊਜੀਲੈਂਡ /ਆਕਲੈਂਡ (ਹਰਜਿੰਦਰ ਪਾਲ ਛਾਬੜਾ) ਬੀਤੇ ਐਤਵਾਰ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਰਹਿਨੁਮਾਈ ਸਦਕਾ ਕਰਵਾਇਆ ਟੀਪੁੱਕੀ ਕਬੱਡੀ ਕੱਪ ਬਹੁਤ ਹੀ ਸ਼ਾਨਦਾਰ ਹੋ ਨਿਬੜਿਆ। ਦਸ਼ਮੇਸ਼ ਸਪੋਟਸ ਕਲੱਬ ਵੱਲੋਂ ਸੀਨੀਅਰ ਮੈਂਬਰ ਦਰਸ਼ਨ ਨਿੱਝਰ ਨੇ ਕਲੱਬ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਵਿੱਚ ਕੁੱਲ 8 ਕਬੱਡੀ ਟੀਮਾਂ ਨੇ ਭਾਗ ਲਿਆ। ਸਾਰੇ ਹੀ ਮੈਚਾਂ ਦਾ ਦਰਸ਼ਕਾਂ ਨੇ ਪੂਰਾ ਆਨੰਦ ਮਾਣਿਆਂ ਤੇ ਅੰਤ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਤੇ ਆਜਾਦ ਸਪੋਰਟਸ ਕਲੱਬ ਵਿਚਾਲੇ ਹੋਇਆ ਫਾਈਨਲ ਮੈਚ ਸੱਚਮੁੱਚ ਹੀ ਨਜਾਰੇ ਬੰਨਣ ਵਾਲਾ ਸੀ, ਫਾਈਨਲ ਮੈਚ ਆਜਾਦ ਸਪੋਰਟਸ ਕਲੱਬ ਨੇ ਜਿੱਤ ਕੇ ਟੂਰਨਾਮੈਂਟ ਆਪਣੇ ਨਾਮ ਕੀਤਾ। ਟੂਰਨਾਮੈਂਟ ਦੇ ਬੈਸਟ ਰੈਡਰ ਨਿੱਕਾ ਨਦੋਹਰ, ਸੋਨੀ ਭਾਦੜਾ, ਜਸ਼ਨ ਕਕੱੜਵਾਲ ਤੇ ਬੈਸਟ ਜਾਫੀ ਇੰਦਰ ਤਲਵੰਡੀ ਰਾਏ, ਸੋਨੀ ਫੱਕਰ ਝੰਡਾ ਚੁਣੇ ਗਏ।
ਇਸ ਮੌਕੇ ਮਿਊਜਿਕਲ ਚੇਅਰ ਤੇ ਬੱਚਿਆਂ ਦੀ ਕਬੱਡੀ ਦੇ ਮੈਚ ਵੀ ਕਰਵਾਏ ਗਏ, ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਸਰਾਹਿਆ। ਬੀਤੇ ਕੱਲ ਹੋਏ ਇਸ ਟੂਰਨਾਮੈਂਟ ਵਿੱਚ 30 ਦੇ ਕਰੀਬ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀਆਂ ਨੇ ਹਿੱਸਾ ਲਿਆ ਤੇ ਦਰਸ਼ਕਾਂ ਦੇ ਦਿਲ ਜਿੱਤੇ।ਸੁਸਾਇਟੀ ਵਲੋਂ ਬਲਜੀਤ ਬਾਧ, ਮਨੋਹਰ ਢੇਸੀ, ਲਹਿੰਬਰ ਸਿੰਘ ਨੇ ਪੁੱਜੇ ਦਰਸ਼ਕਾਂ , ਖਿਡਾਰੀਆਂ ਤੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਭਰੋਸਾ ਦੁਆਇਆ ਕਿ ਭਵਿੱਖ ਵਿੱਚ ਉਹ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਨਾਲ ਰੱਲਕੇ ਅਜਿਹੇ ਉਪਰਾਲੇ ਕਰਦੇ ਰਹਿਣਗੇ।ਦਰਸ਼ਕਾਂ ਨੂੰ ਦੱਸਦੀਏ ਕਿ ਆਉਂਦੀ 17 ਮਾਰਚ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਦੇ ਸਥਾਪਨਾ ਦਿਵਸ ਮੌਕੇ ਵੀ ਕਬੱਡੀ ਮੈਚ ਕਰਵਾਏ ਜਾਣਗੇ ਤੇ ਇਸ ਮੌਕੇ ਪਾਕਿਸਤਾਨ ਤੋਂ ਹੋਰ ਵੀ ਖਿਡਾਰੀ ਹਿੱਸਾ ਲੈਣ ਲਈ ਪੁੱਜ ਰਹੇ ਹਨ।