ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਕੁਦਰਤ ਰੱਬ ਵੱਲੋਂ ਬਖਸ਼ਿਆ ਸਾਨੂੰ ਇੱਕ ਅਜਿਹਾ ਵੱਡਮੁੱਲਾ ਤੋਹਫਾ ਹੈ ਜਿਸ ਦਾ ਕਿ ਅਸੀਂ ਸਾਰੀ ਉਮਰ ਧੰਨਵਾਦ ਨਹੀਂ ਕਰ ਸਕਦੇ । ਬਦਲਦੇ ਸਮੇਂ ਦੇ ਨਾਲ-ਨਾਲ ਕੁਦਰਤ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ ।
ਕੁਝ ਨੌਜਵਾਨ ਅਜਿਹੇ ਹਨ ਜੋ ਕਿ ਕੁਦਰਤ ਦੀ ਰਾਖੀ ਲਈ ਅਨੇਕਾਂ ਉਪਰਾਲੇ ਕਰ ਰਹੇ ਹਨ ਜਿੱਥੇ ਕਿ ਜਰਮਨੀ ਤੋਂ ਨੌਜਵਾਨ ਕੋਨਸਟੈਂਟਿਨ ਨੇ ਸਾਈਕਲ ‘ਤੇ ਯਾਤਰਾ ਕਰ ਦੁਨੀਆਭਰ ‘ਚ ਜਾ ਕੇ ਕੁਦਰਤ ਨੂੰ ਬਚਾਉਣ ਦਾ ਸੁਨੇਹਾ ਪਹੁੰਚਾ ਰਿਹਾ ਹੈ ।
ਹੁਣ ਤੱਕ ਇਹ ਨੌਜਵਾਨ ਸਾਈਕਲ ‘ਤੇ 15 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕਿਆ ਹੈ ਅਤੇ ਇਟਲੀ, ਗ੍ਰੀਸ,ਇਰਾਨ ,ਪਾਕਿਸਤਾਨ ਤੋਂ ਹੁੰਦਿਆਂ ਹੋਇਆ 7 ਮਹੀਨਿਆਂ ਦਾ ਸਫਰ ਤੈਅ ਕਰ ਸਾਈਕਲ ‘ਤੇ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚਿਆ ਹੈ।
\“Save Soil\” ਨਾਮ ਦੀ ਇਸ ਮੁਹਿੰਮ ਦੇ ਤਹਿਤ ਇਹ ਨੌਜਵਾਨ ਦੁਨੀਆਂ ਭਰ ਵਿੱਚ ਵਸਦੇ ਲੋਕਾਂ ਨੂੰ ਮਿੱਟੀ ਦੀ ਉਪਜ ਨੂੰ ਬਚਾਉਣ ਲਈ ਸੰਦੇਸ਼ ਦੇ ਰਿਹਾ ਹੈ ।
ਗੱਲਬਾਤ ਕਰਦਿਆਂ ਕੋਨਸਟੈਂਟਿਨ ਨੇ ਦੱਸਿਆ ਕਿ ਹੁਣ ਤੱਕ ਉਹ 10 ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਦਾ ਸਫਰ ਸਾਈਕਲ ਤੇ ਕਰ ਚੁੱਕਿਆ ਹੈ ਅਤੇ ਉਸਦਾ ਮੁੱਖ ਮੰਤਵ ਇਹੀ ਹੈ ਕਿ ਮਿੱਟੀ ਦੀ ਪ੍ਰਦੂਸ਼ਣ ਤੋਂ ਰਾਖੀ ਕੀਤੀ ਜਾਵੇ ਜਿਸ ਨਾਲ ਕਿ ਸਾਡੇ ਜੀਵਨ ਦੀ ਆਈ-ਚਲਾਈ ਚੱਲਦੀ ਹੈ । ਉਹਨਾਂ ਦੱਸਿਆ ਕਿ ਮੈਂ ਬੀਤੇ ਸਾਲ ਤੋਂ ਇਸ ਟੀਚੇ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਹਾਂ ਅਤੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਕਿਸਾਨਾਂ ਨੂੰ ਵੀ ਮਿੱਟੀ ਦੀ ਉਪਜ ਨੂੰ ਬਚਾਉਣ ਦੇ ਲਈ ਤਰੀਕਿਆਂ ਨਾਲ ਵੀ ਜਾਣੂ ਕਰਵਾ ਰਿਹਾ ਹਾਂ ਕਿ ਤਾਂ ਜੋ ਕੁਦਰਤ ਦੀ ਰਾਖੀ ਕੀਤੀ ਜਾ ਸਕੇ ।
ਉਹਨਾਂ ਕਿਹਾ ਕਿ ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਸਾਧਗੁਰੂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਮੈਂ ਇਸ ਉਪਰਾਲੇ ਦੇ ਨਾਲ ਜੁੜਿਆ ਹਾਂ ਅਤੇ ਜਦ ਮੈਂ ਲੋਕਾਂ ਨੂੰ ਇਸ ਬਾਰੇ ਦੱਸਦਾ ਹਾਂ ਤਾਂ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ।
ਉਹਨਾਂ ਦੱਸਿਆ ਕਿ ਰਾਹ ਵਿੱਚ ਮੈਂ ਵੱਖ-ਵੱਖ ਧਰਮ ਅਤੇ ਜਾਤ ਦੇ ਲੋਕਾਂ ਨੂੰ ਮਿਲਿਆ ਅਤੇ ਮੈਨੂੰ ਉਹਨਾਂ ਦੇ ਸੁਭਾਵਿਕ ਤੌਰ ਤਰੀਕਿਆਂ ਬਾਰੇ ਵੀ ਪਤਾ ਲੱਗਾ ਜਿਸ ਨਾਲ ਕਿ ਮੇਰੇ ਗਿਆਨ ਵਿੱਚ ਵੀ ਵਾਧਾ ਹੋਇਆ ਹੈ ।
ਉਹਨਾਂ ਕਿਹਾ ਕਿ ਹੁਣ ਦੀ ਪੀੜ੍ਹੀ ਨੂੰ ਅਜਿਹੇ ਉਪਰਾਲਿਆਂ ਨਾਲ ਜੁੜਨਾ ਚਾਹੀਦਾ ਹੈ ਕਿ ਤਾਂ ਜੋ ਰੱਬ ਵੱਲੋਂ ਬਖਸ਼ੀ ਇਸ ਵੱਡਮੁੱਲੀ ਦੇਣ ਦਾ ਅਸੀਂ ਸ਼ੁਕਰਾਨਾ ਕਰ ਸਕੀਏ ਅਤੇ ਇਸ ਦੀ ਰਾਖੀ ਕਰ ਸਕੀਏ ।