ਨਿਤਿਸ਼ ਸਭਰਵਾਲ
ਅੰਮ੍ਰਿਤਸਰ: 22 ਜਨਵਰੀ ਨੂੰ ਅਯੋਧਿਆ ਵਿਖੇ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਦੇਸ਼ਭਰ ਦੇ ਵਿੱਚ ਤਿਆਰੀਆਂ ਜ਼ੋਰਾਂ ‘ਤੇ ਹਨ ਅਤੇ ਉਸੇ ਸ਼ਰਧਾ-ਭਾਵਨਾ ਦਾ ਅਸਰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਦਿਖਿਆ ਹੈ ।
ਜਿੱਥੇ ਕਿ ਇੱਕ ਪਾਸੇ ਮੰਦਿਰਾਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਅਨੋਖੀ ਸ਼ਰਧਾ-ਭਾਵਨਾ ਦੇਖਣ ਨੂੰ ਮਿਲ ਰਹੀ ਹੈ ਅਤੇ ਉੱਥੇ ਹੀ ਇਸ ਦੀਆਂ ਤਿਆਰੀਆਂ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਕਟੜਾ ਬੱਗੀਆਂ ਇਲਾਕੇ ਦੀਆਂ ਜਿੱਥੇ ਕੀ ਦੁਕਾਨਾਂ ‘ਤੇ ਖਾਸ ਰਾਮ ਨਾਮ ਦੇ ਝੰਡੇ ਸਜੇ ਹੋਏ ਹਨ ਅਤੇ ਇਹਨਾਂ ਝੰਡਿਆਂ ਦੀ ਖਰੀਦਾਰੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਇਸ ਪਵਿੱਤਰ ਦਿਹਾੜੇ ਮੌਕੇ ਉਹ ਆਪਣੇ ਘਰ ਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਝੰਡੇ ਦੇ ਨਾਲ ਸਜਾਏ ਅਤੇ ਇਸ ਦਿਨ ਪ੍ਰਭੂ ਨੂੰ ਪ੍ਰਣਾਮ ਕਰੇ ।
ਗੱਲਬਾਤ ਕਰਦਿਆਂ ਵਿਕਰੇਤਾਵਾਂ ਨੇ ਕਿਹਾ ਕਿ ਹਰ ਕੋਈ ਹੁਣ ਰਾਮ ਨਾਮ ਦੇ ਨਾਲ ਹੀ ਰੰਗਿਆ ਹੋਇਆ ਵਿਖਾਈ ਦਿੰਦਾ ਹੈ । ਉਹਨਾਂ ਕਿਹਾ ਕਿ ਜਿਵੇਂ-ਜਿਵੇਂ 22 ਜਨਵਰੀ ਦਾ ਦਿਹਾੜਾ ਨੇੜੇ ਆ ਰਿਹਾ ਹੈ, ਇਨ੍ਹਾਂ ਝੰਡਿਆਂ ਦੀ ਖਰੀਦਦਾਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਮੰਗ ਵੱਧਦੀ ਹੀ ਜਾ ਰਹੀ ਹੈ ਅਤੇ ਦਿਨ-ਬ-ਦਿਨ ਇਹਨਾਂ ਝੰਡਿਆਂ ਦੀ ਡਿਮਾਂਡ ਵੀ ਵੱਧ ਰਹੀ ਹੈ ।
ਉਹਨਾਂ ਕਿਹਾ ਕਿ ਲੋਕ ਦਰਜਨਾਂ ਦੇ ਹਿਸਾਬ ਨਾਲ ਇਨ੍ਹਾਂ ਝੰਡਿਆਂ ਦਾ ਆਰਡਰ ਦੇ ਰਹੇ ਹਨ ਅਤੇ ਇਥੋਂ ਤੱਕ ਕਿ ਝੰਡਿਆਂ ਤੋਂ ਇਲਾਵਾ ਰਾਮ ਮੰਦਿਰ ਦੀ ਤਸਵੀਰ ਵਾਲੀਆਂ ਸਟਾਲਾਂ ਦੀ ਡਿਮਾਂਡ ਵੀ ਵੱਧ ਰਹੀ ਹੈ ।
ਉਹਨਾਂ ਕਿਹਾ ਕਿ 500 ਸਾਲ ਬਾਅਦ ਇਹ ਇੱਕ ਅਜਿਹਾ ਦਿਹਾੜਾ ਆ ਰਿਹਾ ਹੈ ਜੋ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਿਹਰੇ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ ਅਤੇ ਅਸੀਂ ਵੀ ਇਸ ਦਿਨ ਨੂੰ ਪਟਾਕੇ ਚਲਾ ਕੇ,ਘਰ ਨੂੰ ਦੀਪਮਾਲਾ ਅਤੇ ਲੜੀਆਂ ਲਗਾ ਕੇ ਰੁਸ਼ਨਾਵਾਂਗੇ ਅਤੇ ਇਸ ਦਿਨ ਦਾ ਆਨੰਦ ਮਨਾਵਾਂਗੇ ।