December 24, 2024 10:21 pm

ਬਠਿੰਡਾ ਦੀ ਉੜੀਆ ਕਲੋਨੀ ’ਚ ਅੱਗ ਲੱਗਣ ਕਾਰਨ ਦਰਜਨ ਤੋਂ ਵੱਧ ਝੁੱਗੀਆਂ ਸੜੀਆਂ, ਦੋ ਬੱਚੀਆਂ ਦੀ ਮੌਤ

ਬਠਿੰਡਾ  :- ਇਥੋਂ ਦੇ ਜਨਤਾ ਨਗਰ ਦੇ ਸਾਹਮਣੇ ਨਹਿਰ ਵਾਲੇ ਪਾਸੇ ਬਣੀ ਉੜੀਆ ਕਲੋਨੀ ਵਿੱਚ ਅੱਜ ਸਵੇਰੇ 5 ਵਜੇ ਦੇ ਅੱਗ ਲੱਗ ਗਈ। ਫ਼ਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ 5.43 ਵਜੇ ਪੁਲੀਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਉੜੀਆ ਕਲੋਨੀ ਵਿੱਚ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਸਬ ਫਾਇਰ ਅਫਸਰ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਚਾਰ ਟੈਂਡਰ ਮੌਕੇ ’ਤੇ ਪੁੱਜੇ। ਇਸ ਦੁਰਘਟਨਾ ਵਿੱਚ ਦੋ ਬੱਚੀਆਂ 6 ਸਾਲਾ ਸੰਜਣੀ ਕੁਮਾਰੀ ਤੇ 9 ਸਾਲਾ ਪ੍ਰਿਆ ਦੀ ਮੌਤ ਹੋ ਗਈ। ਕੁਝ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਵਿੱਚ ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਖਾਣਾ ਬਣਾਉਣ ਸਮੇਂ ਵਾਪਰਿਆ। ਕਿਉਂਕਿ ਮੌਸਮ ਵਿੱਚ ਆਈ ਤਬਦੀਲੀ ਕਾਰਨ ਸਵੇਰ ਵੇਲੇ ਹਵਾ ਚੱਲ ਰਹੀ ਸੀ। ਇੱਕ ਪਰਿਵਾਰ ਚੁੱਲ੍ਹੇ ਤੇ ਖਾਣਾ ਬਣਾ ਰਿਹਾ ਸੀ ਅਤੇ ਤੇਜ਼ ਹਵਾ ਦੇ ਬੁੱਲ੍ਹੇ ਕਾਰਨ ਅੱਗ ਭੜਕ ਗਈ ਅਤੇ ਦੇਖਦਿਆਂ ਦੇਖਦਿਆਂ ਸਾਰੇ ਪਾਸੇ ਫੈਲ ਗਈ। ਅੱਗ ਲੱਗਣ ਕਾਰਨ ਸਾਰੇ ਇਲਾਕੇ ਵਿੱਚ ਅਫ਼ੜਾ ਤਫ਼ੜੀ ਮੱਚ ਗਈ। ਇਸ ਅੱਗ ਵਿੱਚ 2 ਛੋਟੀਆਂ ਬੱਚੀਆਂ ਜ਼ਿਊਂਦੀਆਂ ਸੜ ਗਈਆਂ।

ਬਚਾਅ ਲਈ ਕਮਰੇ ਵਿੱਚ ਲੁਕੀਆਂ ਸਨ ਮਾਸੂਮ ਬੱਚੀਆਂ

ਮ੍ਰਿਤਕ ਬੱਚੀਆਂ ਦੇ ਪਿਤਾ ਨੇ ਦੱਸਿਆ ਕਿ ਝੁੱਗੀਆਂ ਵਿੱਚ ਰਹਿ ਰਿਹਾ ਪਰਿਵਾਰ ਖਾਣਾ ਬਣਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰ ਗਿਆ। ਅੱਗ ਤੋਂ ਬਚਾਅ ਲਈ ਉਹ ਸਾਰੇ ਇਧਰ ਉੱਧਰ ਭੱਜੇ। ਇਸ ਵਿਚਕਾਰ ਬਚਾਅ ਲਈ ਦੋਵੇਂ ਬੱਚੀਆਂ ਵੀ ਇੱਕ ਕਮਰੇ ਵਿੱਚ ਜਾਕੇ ਲੁਕ ਗਈਆਂ। ਉਹਨਾਂ ਨੂੰ ਇਹ ਸੀ ਕਿ ਐਥੇ ਤੱਕ ਅੱਗ ਨਹੀਂ ਆਵੇਗੀ। ਪਰ ਅੱਜ ਉਸ ਕਮਰੇ ਵਿੱਚ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਕਾਰਨ ਉਹ ਫਟ ਗਿਆ। ਇਸ ਤੋਂ ਬਾਅਦ ਜਦੋਂ ਦੋਵੇਂ ਧੀਆਂ ਕਿਤੇ ਨਜ਼ਰ ਨਹੀਂ ਆਈਆਂ ਤਾਂ ਮਾਪਿਆਂ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ। ਜਦੋ ਉਹ ਕਮਰੇ ਵਿੱਚ ਪਹੁੰਚੇ ਤਾਂ ਦੋਵੇਂ ਬੱਚੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਜਿਸ ਤੋਂ ਬਾਅਦ ਦੋਵਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Up Skill Ninja